ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਸੋਸ਼ਲ ਮੀਡੀਆ ਰਾਹੀਂ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਵਿਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਇਲਜਾਮਤਰਾਸ਼ੀ ਨੂੰ ਰੱਦ ਕਰਦਿਆਂ ਇਸ ਵਰਤਾਰੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਬੀਤੇ ਦਿਨੀਂ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਹੈ ਕਿ “ਪੰਥ ਸੇਵਾ ਦੇ ਖੇਤਰ ਵਿਚ ਬੀਤੇ ਲੰਮੇ ਸਮੇਂ ਤੋਂ ਕਾਰਜਸ਼ੀਲ ਸਖਸ਼ੀਅਤ ਭਾਈ ਨਰਾਇਣ ਸਿੰਘ ਚੌੜਾ ਦਾ ਸੰਘਰਸ਼ ਵਿਚ ਅਹਿਮ ਯੋਗਦਾਨ ਹੈ। ਉਹ ਇਸ ਸਾਰੇ ਸਮੇਂ ਦੌਰਾਨ ਸਭ ਤਰ੍ਹਾਂ ਦੀਆਂ ਦੁਸ਼ਵਾਰੀਆਂ, ਤਸ਼ੱਦਦ ਤੇ ਕੈਦਾਂ ਝੱਲ ਕੇ ਵੀ ਪੰਥ ਸੇਵਾ ਤੇ ਖਾਲਿਸਤਾਨ ਦੀ ਅਜ਼ਾਦੀ ਦੇ ਰਸਤੇ ਉੱਤੇ ਕਾਰਜਸ਼ੀਲ ਹਨ। ਉਹਨਾ ਵੱਲੋਂ ਜਿੱਥੇ ਸ਼ਹੀਦ ਦੇ ਪਰਿਵਾਰਾਂ ਦੀ ਸਾਰ ਲਈ ਜਾਂਦੀ ਹੈ ਓਥੇ ਜੇਲ੍ਹ ਵਿਚ ਬੰਦ ਸਿੰਘਾਂ ਦੇ ਕੇਸਾ ਦੀ ਪੈਰਵੀ ਦੀ ਵੀ ਪੈਰਵੀ ਕੀਤੀ ਜਾਂਦੀ ਹੈ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਚੱਲ ਰਹੇ ਮੁਕਦਮਿਆਂ ਦੀ ਪੈਰਵੀ ਕਰਕੇ ਉਹਨਾ ਨੂੰ ਸਜਾਵਾਂ ਦਿਵਾਉਣ ਵਿਚ ਭਾਈ ਨਰਾਇਣ ਸਿੰਘ ਅਤੇ ਉਹਨਾ ਦੇ ਪਰਿਵਾਰ ਦਾ ਯੋਗਦਾਨ ਪੰਥ ਸੇਵਾ ਲਈ ਕੀਤਾ ਜਾਣ ਵਾਲਾ ਵੱਡਾ ਕਾਰਜ ਹੈ”।
ਪੰਥਕ ਆਗੂਆਂ ਨੇ ਕਿਹਾ ਕਿ “ਪੰਜਾਬ ਵਿਚ ਹਰ ਤਰ੍ਹਾਂ ਦੇ ਸਰਕਾਰੀ ਦਬਾਅ ਤੇ ਜ਼ਬਰ ਦੇ ਬਾਵਜੂਦ ਦ੍ਰਿੜਤਾ ਨਾਲ ਪੰਥ ਸੇਵਾ ਵਿਚ ਤਤਪਰ ਰਹਿਣ ਵਾਲੇ ਭਾਈ ਨਰਾਇਣ ਸਿੰਘ ਵਿਰੁਧ ਵਿਦੇਸ਼ਾਂ ਵਿਚ ਬੈਠ ਕੇ ਫਰਜੀ ਇਲਜਾਮ ਤਰਾਸ਼ੀ ਕਰਨ ਵਾਲਿਆਂ ਨੂੰ ਇਹ ਭੰਡੀ ਪਰਚਾਰ ਤੁਰਤ ਬੰਦ ਕਰਨਾ ਚਾਹੀਦਾ ਹੈ”।
ਪੰਥਕ ਆਗੂਆਂ ਨੇ ਕਿਹਾ ਕਿ ਮੌਜੂਦਾ ਸਮਾਂ ਬਹੁਤ ਅਹਿਮ ਹੈ। ਅਜਿਹੇ ਹਾਲਾਤ ਵਿਚ ਸਾਨੂੰ ਵਧੇਰੇ ਸੰਜਮ, ਸਿਦਕ, ਸਬਰ ਅਤੇ ਦ੍ਰਿੜਤਾ ਦਾ ਪ੍ਰਗਟਾਵਾ ਕਰਨ ਦੀ ਲੋੜ ਹੈ। ਜੇਕਰ ਕਿਸੇ ਮਾਈ ਭਾਈ ਨੂੰ ਕਿਸੇ ਮਸਲੇ ਜਾਂ ਸਖਸ਼ੀਅਤ ਦੀ ਭੂਮਿਕਾ ਉਤੇ ਸ਼ੰਕਾ ਹੈ ਤਾਂ ਸਾਨੂੰ ਗੁਰਮਤਿ ਜੁਗਤਿ ਅਨੁਸਾਰ ਆਪਸੀ ਵਿਚਾਰ ਵਟਾਂਦਰੇ ਨਾਲ ਮਤਭੇਦ ਦੂਰ ਕਰਨੇ ਚਾਹੀਦੇ ਹਨ।