ਸਾਂਝਾ ਬਿਆਨ
ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਜਿੰਮੇਵਾਰੀ ਮਹਾਂਰਾਸ਼ਟਰ ਸਰਕਾਰ ਵੱਲੋਂ ਇਕ ਅਫਸਰਸ਼ਾਹ ਨੂੰ ਸੌਂਪਣਾ ਖਾਲਸਾ ਪੰਥ ਦੀਆਂ ਸੰਸਥਾਵਾਂ ਉੱਤੇ ਗੈਰ-ਪੰਥਕ ਪ੍ਰਬੰਧਕੀ ਨਿਜ਼ਾਮ ਦੇ ਗਲਬੇ ਨੂੰ ਦਰਸਾਉਂਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਆਗੂਆਂ ਵੱਲੋਂ ਇਕ ਗੈਰ-ਸਿੱਖ ਅਫਸਰ ਨੂੰ ਨਾਦੇੜ ਸਾਹਿਬ ਦੇ ਕੁਲੈਕਟਰ ਹੋਣ ਦੀ ਹੈਸੀਅਤ ਵਿਚ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਜਿੰਮੇਵਾਰੀ ਸੌਂਪਣ ਦਾ ਵਿਰੋਧ ਕਰਨਾ ਵਾਜਿਬ ਹੈ ਪਰ ਉਹਨਾ ਵੱਲੋਂ ਅਪਨਾਈ ਜਾ ਰਹੀ ਪਹੁੰਚ ਅਧੂਰੀ ਤੇ ਸਮੱਸਿਆ ਗ੍ਰਸਤ ਹੈ।
ਮਸਲਾ ਸਿਰਫ ਗੈਰ ਸਿੱਖ ਅਫਸਰਸ਼ਾਹ ਨੂੰ ਪ੍ਰਬੰਧਕੀ ਬੋਰਡ ਦੀ ਜਿੰਮੇਵਾਰੀ ਸੌਂਪਣਾ ਨਹੀਂ ਹੈ। ਸਰਕਾਰ ਵੱਲੋਂ ਆਪਣੇ ਤੌਰ ਉੱਤੇ ਸਿੱਖ ਜਾਂ ਗੈਰ-ਸਿੱਖ ਕਿਸੇ ਨੂੰ ਵੀ ਪ੍ਰਬੰਧਕ ਲਗਾਉਣ ਹੀ ਗੈਰ-ਵਾਜਿਬ ਹੈ।
ਅਸਲ ਮਸਲਾ ਤਾਂ ਇਹ ਹੈ ਤਖਤ ਸਾਹਿਬਾਨ ਤੇ ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ ਦੀ ਸੇਵਾ ਸੰਭਾਲ ਬਾਰੇ ਫੈਸਲੇ ਲੈਣਾ ਦਾ ਅਧਿਕਾਰ ਖਾਲਸਾ ਪੰਥ ਕੋਲ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੁਨਿਆਵੀ ਸਰਕਾਰ ਜਾਂ ਹੋਰ ਗੈਰ-ਪੰਥਕ ਸੰਸਥਾ/ਨਿਜ਼ਾਮ ਅਧੀਨ।
ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਅਤੇ ਧਾਰਮਿਕ ਤੇ ਸਿਆਸੀ ਆਗੂ ਇਕ ਪਾਸੇ ਮਹਾਂਰਾਸ਼ਟਰ ਸਰਕਾਰ ਵੱਲੋਂ ਪ੍ਰਬੰਧਕ ਦੀ ਨਿਯੁਕਤੀ ਨੂੰ ਸਰਕਾਰੀ ਦਖਲ ਦੱਸ ਰਹੇ ਹਨ ਤੇ ਦੂਜੇ ਪਾਸੇ ਉਸੇ ਸਰਕਾਰ ਨੂੰ ਪ੍ਰਬੰਧਕੀ ਬੋਰਡ ਦੀ ਚੋਣ ਕਰਵਾਉਣ ਲਈ ਕਹਿ ਰਹੇ ਹਨ। ਇਹ ਦਰਸਾਉਂਦਾ ਹੈ ਕਿ ਸਾਡੇ ਇਹ ਹਿੱਸੇ ਸਿਰਫ ਅਲਾਮਤ ਦਾ ਵਿਰੋਧ ਕਰ ਰਹੇ ਹਨ ਅਤੇ ਬਿਮਾਰੀ ਦੀ ਹਿਮਾਇਤ ਕਰ ਰਹੇ ਹਨ। ਸਰਕਾਰ ਨੂੰ ਚੋਣਾਂ ਕਰਵਾਉਣ ਲਈ ਕਹਿਣਾ ਕਿਸੇ ਵੀ ਤਰ੍ਹਾਂ ਮਸਲੇ ਦਾ ਪੂਰਨ ਹੱਲ ਨਹੀਂ ਹੈ ਬਲਕਿ ਇੰਝ ਕਰੀਬ ਸੌ ਸਾਲ ਪਹਿਲਾਂ ਬਸਤੀਵਾਦੀ ਅੰਗਰੇਜ਼ ਹਕੂਮਤ ਵੱਲੋਂ ਥੋਪਿਆ ਗਿਆ ਸਰਕਾਰੀ ਦਖਲ ਅੰਦਾਜ਼ੀ ਵਾਲਾ ਪ੍ਰਬੰਧ ਹੀ ਕਾਇਮ ਰੱਖਣ ਦੀ ਹਾਮੀ ਭਰੀ ਜਾ ਰਹੀ ਹੈ।
ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ, ਗੁਰਧਾਮਾਂ ਤੇ ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦੇ ਪੰਥਕ ਨਿਜ਼ਾਮ ਦੀ ਅਣਹੋਂਦ ਇਕ ਗੰਭੀਰ ਅਤੇ ਦਿਰਘਕਾਲੀ ਮਸਲਾ ਹੈ ਜਿਸ ਬਾਰੇ ਦੂਰਅੰਦੇਸ਼ੀ ਵਾਲੀ ਸਾਂਝੀ ਸੇਧ ਅਪਨਾਉਣ ਦੀ ਲੋੜ ਹੈ। ਸਿੱਖਾਂ ਨੂੰ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਦੁਆਰਾ ਪ੍ਰਬੰਧਨ ਵਿਚ ਗੁਰੂ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰ ਗੁਰਮਤਾ ਵਿਧੀ ਰਾਹੀਂ ਸਾਝਾਂ ਫੈਸਲਾ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੀ ਅਗਵਾਈ ਬਹਾਲ ਕਰਨ ਲਈ ਆਪਸ ਵਿਚ ਸੰਵਾਦ ਰਚਾਉਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਸਾਂਝੀ ਸੇਧ ਅਨੁਸਾਰ ਯਤਨ ਸ਼ੁਰੂ ਕਰਨੇ ਚਾਹੀਦੇ ਹਨ।
ਅਸੀਂ ਬੀਤੇ ਸਮੇਂ ਤੋਂ ਇਸ ਦਿਸ਼ਾ ਵਿਚ ਯਤਨਸ਼ੀਲ ਹਨ ਅਤੇ ਲੰਘੀ 28 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਦੌਰਾਨ ਕਰੀਬ 100 ਸਾਲ ਬਾਅਦ ਗੁਰ-ਸੰਗਤ ਤੇ ਖਾਲਸਾ ਪੰਥ ਦੇ ਜਥਿਆਂ, ਸੰਸਥਾਵਾਂ ਤੇ ਸੰਪਰਦਾਵਾਂ ਵੱਲੋਂ ਸਾਂਝੇ ਤੌਰ ਗੁਰਮਤਾ ਵਿਧੀ ਰਾਹੀਂ ਸਾਂਝਾ ਫੈਸਲਾ ਲਿਆ ਗਿਆ ਹੈ।
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਮਨਜੀਤ ਸਿੰਘ ਫਗਵਾੜਾ
੨੫ ਸਾਵਣ ੫੫੫ (ਨਾਨਕਸ਼ਾਹੀ)
9 ਅਗਸਤ 2023 (ਈਸਵੀ)