ਸਾਂਝਾ ਬਿਆਨ
ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ।
ਦਿੱਲੀ ਦਰਬਾਰ ਜਿੱਥੇ ਇਕ ਪਾਸੇ ਗਿਣੇ-ਮਿੱਥੇ ਤਰੀਕੇ ਨਾਲ ਇਕੋ ਸਮੇਂ ਸਿੱਖਾਂ ਦੇ ਸਾਰੇ ਮਸਲੇ ਉਛਾਲ ਕੇ ਮਹੌਲ ਗਰਮਾ ਰਿਹਾ ਹੈ ਓਥੇ ਦੂਜੇ ਪਾਸੇ ਇਸ ਵੱਲੋਂ ਸਿੱਖ ਸਫਾਂ ਵਿਚਲੀ ਧੜੇਬੰਦੀ ਨੂੰ ਹਵਾ ਦਿੱਤੀ ਜਾ ਰਹੀ ਹੈ। ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਦਿੱਲੀ ਦਰਬਾਰ ਧੜਿਆਂ ਵਿਚਲੇ ਵਖਰੇਵਿਆਂ ਨੂੰ ਵੀ ਫੁੱਟ ਤੱਕ ਵਧਾ ਰਿਹਾ ਹੈ।
ਅਜਿਹੇ ਹਾਲਾਤ ਵਿਚ ਦਿੱਲੀ ਦਰਬਾਰ ਵੱਲੋਂ ਸਿੱਖਾਂ ਵਿਚ ਆਪਹੁਦਰੇਪਣ, ਫੁੱਟ ਅਤੇ ਬੇਇਤਫਾਕੀ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਬਿਜਲ-ਸੱਥ ਜਾਂ ਸੋਸ਼ਲ ਮੀਡੀਆ ਦੀ ਬੇਲਗਾਮ ਅਤੇ ਗੈਰ-ਜਿੰਮੇਵਾਰੀ ਵਾਲੀ ਟਿੱਪਣੀਬਾਜ਼ੀ ਇਸ ਬਾਰੇ ਮਹੌਲ ਨੂੰ ਬਹੁਤੀ ਤੇਜੀ ਨਾਲ ਅਤੇ ਵੱਡੇ ਪੱਧਰ ਉੱਤੇ ਭੜਕਾਉਣ ਦਾ ਕੰਮ ਕਰ ਰਹੀ ਹੈ। ਅਫਸੋਸ ਕਿ ਸੰਘਰਸ਼ ਦੇ ਹਿਮਾਇਤੀ ਸਿੱਖ ਹਿੱਸੇ ਵੀ ਸੋਸ਼ਲ ਮੀਡੀਆ ਦੀ ਤਾਕਤ ਨੂੰ ਦਿੱਲੀ ਦਰਬਾਰ ਦੀਆਂ ਸਾਜਿਸ਼ਾਂ ਬੇਨਕਾਬ ਕਰਨ ਲਈ ਵਰਤਣ ਦੀ ਬਜਾਏ ਬਿਜਲ-ਸੱਥ ਉੱਤੇ ਇਕ ਦੂਜੇ ਨਾਲ ਹੀ ਉਲਝ ਰਹੇ ਹਨ।
ਮੌਜੂਦਾ ਸਮੇਂ ਵਿਚਲੀ ਅਸਥਿਰਤਾ ਦੇ ਮੱਦੇਨਜ਼ਰ ਇਹ ਸਮੇਂ ਦੀ ਭਾਰੀ ਲੋੜ ਹੈ ਕਿ ਪੰਥਕ ਰਿਵਾਇਤਾਂ ਤੋਂ ਸੇਧ ਲੈ ਕੇ ਗੁਰੂ ਖਾਲਸਾ ਪੰਥ ਦੀ ਸਾਂਝੀ ਰਾਏ ਦਾ ਪ੍ਰਗਟਾਓ ਕਰਨ ਦਾ ਅਮਲ, ਭਾਵ ਕਿ ਗੁਰਮਤਾ ਵਿਧੀ, ਪੁਨਰ-ਸਥਾਪਤ ਕੀਤੀ ਜਾਵੇ। ਇਸੇ ਤਰ੍ਹਾਂ ਗੁਰੂ ਸਾਹਿਬ ਵੱਲੋਂ ਬਖਸ਼ੇ ਆਦਰਸ਼ਾਂ ਦੀ ਰੌਸ਼ਨੀ ਵਿਚ ਪੰਚ ਪ੍ਰਧਾਨੀ ਪ੍ਰਣਾਲੀ ਤਹਿਤ ਸਾਂਝੀ ਅਗਵਾਈ (ਲੀਡਰਸ਼ਿੱਪ) ਉਭਾਰਨ ਦੀ ਪੰਥਕ ਜੁਗਤ ਅਪਨਾਉਣ ਦੀ ਲੋੜ ਹੈ।
ਇਹਨਾ ਕਵਾਇਦਾਂ ਲਈ ਲੋੜੀਂਦਾ ਸੰਵਾਦ ਰਚਾਉਣਾ ਅਤੇ ਸੰਜੀਦਾ ਮਾਹੌਲ ਸਿਰਜਣਾ ਇਸ ਵੇਲੇ ਬਹੁਤ ਹੀ ਅਹਿਮ ਹੈ। ਪਰ ਸੋਸ਼ਲ ਮੀਡੀਆ ਦਾ ਸ਼ੋਰੋ-ਗੁਲ ਤੇ ਇਕ ਦੂਜੇ ਵਿਰੁਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਮਹੌਲ ਨੂੰ ਗੰਧਲਾ ਕਰ ਹੀ ਹੈ। ਅਜਿਹੇ ਵਿਚ ਸਭ ਵਿਅਕਤੀਆਂ ਅਤੇ ਧਿਰਾਂ ਨੂੰ ਸਵੈ-ਜ਼ਾਬਤਾ ਅਪਨਾਉਣ ਦੀ ਲੋੜ ਹੈ।
ਸਿੱਖਾਂ ਨੂੰ ਆਪ-ਹੁਦਰੇਪਣ ਅਤੇ ਬੇਇਤਫਾਕੀ ਵਧਾਉਣ ਵਾਲੇ ਵਿਹਾਰ ਤੋਂ ਕਿਨਾਰਾ ਕਰ ਕੇ ‘ਗੁਰੂ ਕੇ ਸਿੱਖਾਂ’ ਅਤੇ ਇਕ ਦੂਜੇ ਪ੍ਰਤੀ ‘ਗੁਰ-ਭਾਈ’ ਵਾਲਾ ਅਮਲ ਅਪਨਾਉਣਾ ਚਾਹੀਦਾ ਹੈ। ਇਸ ਵੇਲੇ ਸਭ ਨੂੰ ਚਾਹੀਦਾ ਹੈ ਕਿ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਵਿਚ ਅੰਦਰੂਨੀ ਕਾਤਰਬੰਦੀ ਸਹੀ ਕਰਨ ਲਈ ਸੁਹਿਰਦ ਯਤਨ ਕਰਨ।
ਵੱਲੋਂ
ਭਾਈ ਦਲਜੀਤ ਸਿੰਘ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਮਨਜੀਤ ਸਿੰਘ ਫਗਵਾੜਾ