ਸਾਂਝਾ ਬਿਆਨ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਜੂਨ ੧੯੮੪ ਵਿਚ ਬਿਪਰਵਾਦੀ ਹਿੰਦ ਸਟੇਟ ਵੱਲੋਂ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹੋਰ ੭੦ ਤੋਂ ਵਧੀਕ ਗੁਰਦੁਆਰਾ ਸਾਹਿਬਾਨ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਯਾਦ ਵਿਚ ਤੀਜੇ ਘੱਲੂਘਾਰੇ ਵਜੋਂ ਦਰਜ਼ ਹੋ ਚੁੱਕਾ ਹੈ ਅਤੇ ਨਵੰਬਰ ੧੯੮੪ ਵਿਚ ਇੰਡੀਆ ਦੇ ੨੧ ਸੂਬਿਆਂ ਵਿਚ ਤਿੰਨ ਸੌ ਦੇ ਕਰੀਬ ਸ਼ਹਿਰਾਂ ਵਿਚ ਸਿੱਖਾਂ ਉੱਤੇ ਕੀਤੇ ਗਏ ਵਿਆਪਕ, ਯੋਜਨਾਬਧ ਤੇ ਸੰਗਠਤ ਹਮਲੇ ਤੇ ਕਤਲੇਆਮ ਨੂੰ ਅੱਜ ਸੰਸਾਰ ਭਰ ਵਿਚ ਸਿੱਖ ਨਸਲਕੁਸ਼ੀ ੧੯੮੪ ਵਜੋਂ ਤਸਲੀਮ ਕੀਤਾ ਜਾ ਰਿਹਾ ਹੈ। ਅਸੀਂ ਇਸ ਘੱਲੂਘਾਰੇ ਅਤੇ ਨਸਲਕੁਸ਼ੀ ਤੋਂ ੪੦ ਵਰ੍ਹਿਆਂ ਦੀ ਵਿੱਥ ਉੱਤੇ ਹਾਂ ਤੇ ਜਿੱਥੇ ਇਸ ਦੀ ਵਿਆਪਕਤਾ ਦੇ ਕਈ ਪਸਾਰ ਨਜ਼ਰੀਂ ਆ ਰਹੇ ਹਨ ਕਿ ਇਹ ਹਮਲੇ ਬਿਪਰਵਾਦੀ ਹਕੂਮਤ ਦੀ ਸਿੱਖਾਂ ਦੀ ਨਿਆਰੀ ਤੇ ਵਿਲੱਖਣ ਹੋਂਦ-ਹਸਤੀ ਮਿਟਾਉਣ ਦੇ ਯੋਜਨਾਬਧ ਅਮਲ ਦਾ ਹਿੱਸਾ ਸੀ। ਹਿੰਦ ਸਟੇਟ ਨੇ ਜੂਨ ਅਤੇ ਨਵੰਬਰ ੧੯੮੪ ਦੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਹਕੀਕਤ ਨੂੰ ਦਬਾਉਣ ਲਈ ਬੀਤੇ ੪੦ ਸਾਲਾਂ ਦੌਰਾਨ ਬਹੁਤ ਝੂਠੇ ਬਿਰਤਾਂਤ ਸਿਰਜੇ ਅਤੇ ਹਰ ਹੀਲੇ ਹਕੀਕਤ ਤੋਂ ਮੁਨਕਰ ਹੋਣ ਦਾ ਯਤਨ ਕੀਤਾ ਪਰ ਇਹ ਸ਼ਹੀਦਾਂ ਦੇ ਡੁੱਲੇ ਪਵਿੱਤਰ ਖੂਨ ਅਤੇ ਗੁਰੂ ਸਾਹਿਬ ਵੱਲੋਂ ਵਰਤਾਈ ਜਾ ਰਹੀ ਕਲਾ ਦਾ ਹੀ ਨਤੀਜਾ ਹੈ ਕਿ ਅੱਜ ਹਿੰਦ ਸਟੇਟ ਵੱਲੋਂ ਸਿੱਖਾਂ ਵਿਰੁਧ ਕੀਤੇ ਗਏ ਤੇ ਕੀਤੇ ਜਾ ਰਹੇ ਮਹਾਂਜ਼ੁਰਮ ਸੰਸਾਰ ਸਾਹਮਣੇ ਨਸ਼ਰ ਹੋ ਰਹੇ ਹਨ। ਹਿੰਦ ਸਟੇਟ ਵੱਲੋਂ ਵਿਦੇਸ਼ੀ ਦਖਲ-ਅੰਦਾਜ਼ੀ ਅਤੇ ਵਿਦੇਸ਼ਾਂ ਵਿਚ ਸਿੱਖਾਂ ਵਿਰੁਧ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਕਰਨ ਦੀਆਂ ਕਨੇਡਾ ਤੇ ਅਮਰੀਕਾ ਵਿਚ ਬੇਪਰਦ ਹੋਈਆਂ ਕਾਰਵਾਈਆਂ ਇਸ ਦੀ ਪਰਤੱਖ ਮਿਸਾਲ ਹਨ। ਸੰਗਠਤ ਜ਼ੁਰਮ ਵਾਲੇ ਗੈਂਗਾਂ ਨੂੰ ਵਰਤਦਿਆਂ ਵਿਦੇਸ਼ਾਂ ਦੀ ਧਰਤੀ ਉੱਤੇ ਸਿੱਖਾਂ ਵਿਰੁਧ ਕਤਲਾਂ, ਫਿਰੌਤੀਆਂ, ਅੱਗਜ਼ਨੀ ਤੇ ਹਿੰਸਕ ਕਾਰਵਾਈਆਂ ਦੀ ਵਿਆਪਕ ਦਹਿਸ਼ਤੀ ਮੁਹਿੰਮ ਚਲਾਉਣਾ ਹਿੰਦ ਸਟੇਟ ਦੀ ‘ਸਰਕਾਰੀ ਦਹਿਸ਼ਤ ਦੀ ਕੌਮਾਂਤਰੀ ਨੀਤੀ’ ਨੂੰ ਦਰਸਾਉਂਦਾ ਹੈ। ਸਿੱਖ ਬੜੇ ਲੰਮੇ ਸਮੇਂ ਤੋਂ ਹਿੰਦ ਸਟੇਟ ਦੀ ਅਸਲ ਖਸਲਤ ਕਿ ਇਹ ਇਕ ਗੈਰ-ਭਰੋਸੇਯੋਗ ਜ਼ਾਬਰ ਸਟੇਟ ਹੈ, ਨੂੰ ਬਿਆਨ ਕਰਦੇ ਆ ਰਹੇ ਸਨ ਪਰ ਹੁਣ ਦੇ ਬਦਲੇ ਹਾਲਾਤ ਵਿਚ ਇਹ ਹਕੀਕਤ ਅਮਰੀਕਾ, ਕਨੇਡਾ ਤੇ ‘ਫਾਈਵ ਆਈਜ਼ ਅਲਾਇੰਸ’ ਜਿਸ ਵਿਚ ਬਰਤਾਨੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੀ ਸ਼ਾਮਿਲ ਹੈ ਦੇ ਹਵਾਲੇ ਨਾਲ ਸੰਸਾਰ ਪੱਧਰ ਉੱਤੇ ਸਾਹਮਣੇ ਆਈ ਹੈ।
ਇਸ ਵੇਲੇ ਸਿੱਖ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਭਾਰੀ ਚੁਣੌਤੀਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਇਸ ਸਾਰੇ ਹਾਲਾਤ ਦੇ ਟਾਕਰੇ ਲਈ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਦੂਰਗਾਮੀ ਤੇ ਫੌਰੀ ਪੱਧਰ ਉੱਤੇ ਮਹੱਤਵਪੁਰਨ ਫੈਸਲੇ ਲੈਣ ਤੇ ਕਾਰਜ ਕਰਨ ਦੀ ਲੋੜ ਹੈ।
ਇਸ ਵੇਲੇ ਹਿੰਦ ਸਟੇਟ ਸਿੱਖਾਂ ਨੂੰ ਘੇਰਨ ਅਤੇ ਦਬਾਉਣ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਦੇ ਕੇਂਦਰਾਂ, ਜਿਨ੍ਹਾਂ ਵਿਚ ਵੱਖ-ਵੱਖ ਸੰਸਥਾਵਾਂ, ਸੰਪਰਦਾਵਾਂ, ਅਦਾਰੇ, ਪਾਰਟੀਆਂ ਤੇ ਜਥੇ ਹਨ, ਨੂੰ ਸੂਤਰਬਧ ਕਰਨ ਵਾਲਾ ਧੁਰਾ ਇਸ ਵੇਲੇ ਕਾਇਮ ਅਤੇ ਕਾਰਜਸ਼ੀਲ ਨਹੀਂ ਹੈ। ਮੌਜੂਦਾ ਹਾਲਾਤ ਵਿਚ, ਜਦੋਂ ਕਿ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਨ ਦੀਆਂ ਸੰਸਥਾਵਾਂ ਅਸਿੱਧੇ ਤੇ ਸਿੱਧੇ ਰੂਪ ਵਿਚ ਹਿੰਦ ਸਟੇਟ ਦੇ ਪ੍ਰਭਾਵ ਹੇਠ ਹਨ, ਤਾਂ ਸਿੱਖਾਂ ਨੂੰ ਗੁਰੂ ਬਖਸ਼ੇ ਅਸਲ ‘ਅਕਾਲੀ ਗੁਣਾਂ’ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਉੱਤੇ ਅਧਾਰਤ ਇਕ ਜਥਾ ਉਭਾਰਨ ਦੀ ਲੋੜ ਹੈ ਜੋ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਾ ਸੰਸਥਾ ਅਨੁਸਾਰ ਸਿੱਖਾਂ ਦੀ ਤਾਕਤ ਦੇ ਵੱਖ-ਵੱਖ ਕੇਂਦਰਾਂ ਨੂੰ ਸੂਤਰਬਧ ਕਰੇ। ਇਹ ਜਥਾ ਚੱਲਦੇ ਵਹੀਰ ਦੀ ਤਰਜ਼ ਉੱਤੇ ਉਹ ਭੂਮਿਕਾ ਨਿਭਾਵੇ ਜੋ ਹਿੰਦ ਸਟੇਟ ਦੇ ਗਲਬੇ ਕਾਰਨ ਅਕਾਲ ਤਖਤ ਸਾਹਿਬ ਦਾ ਮੌਜੂਦਾ ਨਿਜ਼ਾਮ ਨਿਭਾਉਣ ਤੋਂ ਆਰੀ ਹੋ ਚੁੱਕਾ ਹੈ।
ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਆਪਣੇ ਮੁਕਾਮੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜਥੇਬੰਦ ਹੋਣ ਦੇ ਤਰੀਕਾਕਾਰ ਅਤੇ ਫੈਸਲਾ ਲੈਣ ਦੀ ਵਿਧੀ ਨੂੰ ਪੰਥਕ ਰਿਵਾਇਤ ਅਨੁਸਾਰੀ ਕਰਨ ਦੀ ਜਰੂਰਤ ਹੈ ਤਾਂ ਕਿ ਸਾਂਝੀ ਪੰਚ ਪ੍ਰਧਾਨੀ ਅਗਵਾਈ ਵਾਲੇ ਢਾਂਚੇ ਉਸਾਰੇ ਜਾ ਸਕਣ ਤੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਲਾਗੂ ਕੀਤੀ ਜਾ ਸਕੇ।
ਇਸ ਮੌਕੇ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲੇ ਉੱਤੇ ਸਰਗਰਮ ਹਨ ਤਾਂ ਫੌਰੀ ਤੌਰ ਉੱਤੇ ਸਿੱਖਾਂ ਨੂੰ ਹੇਠਲੇ ਕਾਰਜ ਵਿਓਂਤਣੇ ਤੇ ਕਰਨੇ ਚਾਹੀਦੇ ਹਨ:
- ਸਿੱਖਾਂ ਨੂੰ ਇਸ ਮੌਕੇ ਆਪਣਾ ਪੱਖ ਮਜਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੇ ਪਵਿੱਤਰ ਸੰਕਲਪ ਬਾਰੇ ਸਪਸ਼ਟਤਾ ਲਿਆਉਣੀ ਤੇ ਫੈਲਾਉਣੀ ਚਾਹੀਦੀ ਹੈ। ਇੰਡੀਆ ਵੱਲੋਂ ਖਾਲਿਸਤਾਨ ਅਤੇ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
- ਸਿੱਖਾਂ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਗੁਰੂ ਖਾਲਸਾ ਪੰਥ ਦੇ ਧੁਰ-ਦਰਗਾਹੀ ਪਾਤਿਸ਼ਾਹੀ ਦਾਅਵੇ ਨੂੰ ਇਕ ਵਿਲੱਖਣ ਤੇ ਆਜ਼ਾਦਾਨਾ ਦਾਅਵੇ ਵੱਜੋਂ ਪਰਗਟ ਕਰਦਿਆਂ ‘ਰਾਜ ਦੇ ਸਿੱਖ ਸੰਕਲਪ’ (ਸਿੱਖ ਆਈਡੀਆ ਆਫ ਸਟੇਟ) ਬਾਰੇ ਆਪਣਾ ਪੱਖ ਸੰਸਾਰ ਸਾਹਮਣੇ ਪੇਸ਼ ਕਰਨ।
- ਬੀਤੇ ਵਿਚ ਅਤੇ ਮੌਜੂਦਾ ਸਮੇਂ ਦੌਰਾਨ ਇੰਡੀਆ ਵੱਲੋਂ ਮੁਕਾਮੀ ਤੇ ਕੌਮਾਂਤਰੀ ਕਾਨੂੰਨ ਦੀਆਂ ਉਲੰਘਣਾਵਾਂ ਕਰਕੇ ਕੀਤੇ ਜਾ ਰਹੇ ਮਨੁੱਖੀ ਹੱਕਾਂ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਘਾਣ ਨੂੰ ਚਰਚਾ ਵਿਚ ਲਿਆਉਣਾ ਚਾਹੀਦਾ ਹੈ। ਸਿੱਖਾਂ, ਖਾਸ ਕਰਕੇ ਪੱਛਮੀ ਮੁਲਕਾਂ ਵਿਚ ਸਰਗਰਮ ਸਿੱਖਾਂ ਨੂੰ ਘੱਲੂਘਾਰਾ ਜੂਨ 1984, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ 1980-1990ਵਿਆਂ ਵਿਚ ਪੰਜਾਬ ਵਿਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਤੇ ਗੈਰ-ਨਿਆਇਕ ਕਤਲਾਂ ਦੇ ਮਾਮਲੇ ਕੌਮਾਂਤਰੀ ਮੰਚਾਂ ਉੱਤੇ ਵਿਚਾਰਨ ਬਾਰੇ ਉਚੇਚੀ ਸਰਗਰਮੀ ਕਰਨੀ ਚਾਹੀਦੀ ਹੈ।
- ਮੌਜੂਦਾ ਸਮੇਂ ਵਿਚ ਸਿੱਖਾਂ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਅਦਾਰਿਆਂ ਨੂੰ ਅਸਰਹੀਣ ਕਰਨ ਦੇ ਅਮਲ ਪਿੱਛੇ ਇੰਡੀਆ ਦੀ ਸੱਭਿਆਚਾਰਕ ਨਸਲਕੁਸ਼ੀ ਦੀ ਵਿਓਂਤਬੰਦੀ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਲਿਆਉਣ ਦੀ ਲੋੜ ਹੈ।
- ਇੰਡੀਆ, ਖਾਸ ਕਰਕੇ ਚੜ੍ਹਦੇ ਪੰਜਾਬ ਵਿਚ ਸਿੱਖ ਖਬਰਖਾਨੇ ਤੇ ਖਬਰ ਅਦਾਰਿਆਂ ਉੱਤੇ ਨੇਮਾਂ ਦੀ ਉਲੰਘਣਾ ਕਰਕੇ ਲਗਾਈਆਂ ਜਾ ਰਹੀਆਂ ਰੋਕਾਂ ਨੂੰ ਸਿੱਖਾਂ ਦੀ ਆਵਾਜ਼ ਦਬਾਉਣ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਉਲੰਘਣਾ ਦੇ ਪੱਖ ਤੋਂ ਸੰਸਾਰ ਭਰ ਵਿਚ ਉਭਾਰਣ ਦੀ ਲੋੜ ਹੈ।
- ਸਿੱਖਾਂ ਨੂੰ ਇਸ ਵੇਲੇ ਖਿੱਤੇ ਵਿਚਲੀਆਂ ਦੋਸਤ ਤਾਕਤਾਂ ਜਿਵੇਂ ਕਿ ਦੂਸਰੀਆਂ ਕੌਮਾਂ/ਕੌਮੀਅਤਾਂ, ਐਸ.ਸੀ, ਐਸ.ਟੀ. ਭਾਈਚਾਰੇ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਨੇੜਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ।
- ਸਿੱਖਾਂ ਨੂੰ ਆਪਣੀਆਂ ਸਫਾਂ ਵਿਚਲੇ ਅਜਿਹੇ ਹਿੱਸਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਜੋ ਜਾਣੇ ਅਣਜਾਣੇ ਵਿਚ ਸਿੱਖਾਂ ਦੇ ਸਾਖ ਵਾਲੇ ਹਿੱਸਿਆਂ ਵਿਰੁਧ ਤਹੁਮਤਬਾਜ਼ੀ ਕਰਕੇ ਭਾਰਤ ਸਰਕਾਰ ਦੀ ਮਾਰੂ ਰਣਨੀਤੀ ਨੂੰ ਹੀ ਲਾਗੂ ਕਰ ਰਹੇ ਹਨ। ਅਜਿਹੇ ਹਿੱਸਿਆਂ ਨੂੰ ਸੁਹਿਰਦਤਾ ਨਾਲ ਸਰਕਾਰ ਦੀ ਮਾਰੂ ਵਿਓਂਤਬੰਦੀ ਤੋਂ ਅਗਾਹ ਕਰਨ ਤੇ ਵਰਜਣ ਦੀ ਲੋੜ ਹੈ।
ਇਸ ਵੇਲੇ ਸਿੱਖਾਂ ਨੂੰ ਆਪਸ ਵਿਚ ਤਾਲਮੇਲ ਤੇ ਸੰਵਾਦ ਵਧਾਉਣ ਦੀ ਲੋੜ ਹੈ। ਹਾਲਾਤ ਮਾਰੂ ਰੁਖ ਲੈ ਰਹੇ ਹਨ। ਇਸ ਵਾਸਤੇ ਧੜਿਆਂ ਦੀ ਵਲਗਣਾਂ ਤੋਂ ਉੱਪਰ ਉੱਠ ਕੇ ਇਤਫਾਕ ਉਸਾਰੀ ਲਈ ਠੋਸ ਯਤਨ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਆਪਣੀ ਸਮਰੱਥਾ ਅਨੁਸਾਰ ਲੋੜੀਂਦੇ ਯਤਨ ਕਰ ਰਹੇ ਹਾਂ ਤੇ ਸਭਨਾ ਸਰਗਰਮ ਸਿੱਖ ਹਿੱਸਿਆਂ ਨੂੰ ਆਪਣੇ-ਆਪਣੇ ਤੌਰ ਉੱਤੇ ਪਹਿਲਕਦਮੀ ਤੇ ਯਤਨ ਕਰਨ ਦੀ ਬੇਨਤੀ ਕਰਦੇ ਹਾਂ।
ਵੱਲੋਂ:
ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਾਜਿੰਦਰ ਸਿੰਘ ਮੁਗਲਵਾਲ,
ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ
੧੭ ਕੱਤਕ ੫੫੬ ਨਾਨਕਸ਼ਾਹੀ
(੨ ਨਵੰਬਰ ੨੦੨੪ ਈ.)
- ਇਹ ਸਾਂਝਾ ਬਿਆਨ ਗੁਰਦੁਆਰਾ ਥੜ੍ਹਾ ਸਾਹਿਬ, ਇਆਲੀ ਕਲਾਂ, ਲੁਧਿਆਣਾ ਵਿਖੇ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੀ ੪੦ਵੀਂ ਯਾਦ ਵਿਚ ਕਰਵਾਏ ਗਏ ਗੁਰਮਤਿ ਸਾਮਗਮ ਦੌਰਾਨ ਜਾਰੀ ਕੀਤਾ ਗਿਆ। ਇਸ ਮੌਕੇ ਭਾਈ ਨਰਾਇਣ ਸਿੰਘ ਨੇ ਇਹ ਬਿਆਨ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ।