ੴ ਸਤਿਗੁਰਪ੍ਰਸਾਦਿ॥
ਸਿੱਖ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਗੁਰੂ ਖਾਲਸਾ ਪੰਥ ਸਮੇਂ ਦੇ ਹਾਲਾਤ ਅਤੇ ਹਕੀਕਤਾਂ ਅਨੁਸਾਰ ਜੁਲਮੀ ਰਾਜਾਂ ਤੇ ਢਾਂਚਿਆਂ ਨੂੰ ਢਾਹ ਕੇ ਬੇਗਮਪੁਰਾ- ਹਲੇਮੀ ਰਾਜ ਸਥਾਪਿਤ ਕਰਨ ਲਈ ਕਾਰਜਸ਼ੀਲ ਰਿਹਾ ਹੈ। ਸਮੇਂ ਤੇ ਸਥਾਨ ਦੀਆਂ ਹੱਦਬੰਦੀਆਂ ਤੋਂ ਪਾਰ ਖਾਲਸਾ ਪੰਥ ਦੇ ਗੁਰਮੁਖਾਂ ਨੇ ਇਸ ਪਵਿੱਤਰ ਅਕੀਦੇ ਦੀ ਪੂਰਤੀ ਲਈ ਕਈ ਜੰਗਾਂ ਵਿਚ ਤੇਗ ਵਾਹੀ ਅਤੇ ਸ਼ਹੀਦੀ ਰੁਤਬੇ ਹਾਸਿਲ ਕੀਤੇ। ਇਸੇ ਵਿਰਾਸਤ ਨੂੰ ਸਮਕਾਲੀ ਸਮੇਂ ਵਿੱਚ ਅੱਗੇ ਵਧਾਉਂਦਿਆਂ 29 ਅਪ੍ਰੈਲ 1986 ਨੂੰ ਕੀਤਾ ਗਿਆ ਆਜ਼ਾਦ ਅਤੇ ਪ੍ਰਭੂਸਤਾਸੰਪੰਨ ਖਾਲਿਸਤਾਨ ਦਾ ਐਲਾਨ ਸਿੱਖਾਂ ਦੇ ਸਿਆਸੀ ਨਿਸ਼ਾਨੇ ਦਾ ਸਪਸ਼ਟ ਪ੍ਰਗਟਾਵਾ ਹੈ।
1849 ਵਿੱਚ ਪੰਜਾਬ ਉੱਤੇ ਬਰਤਾਨਵੀ ਬਸਤੀਵਾਦੀ ਗਲਬੇ ਤੋਂ ਬਾਅਦ ਸਿੱਖਾਂ ਨੇ ਮੌਜੂਦਾ ਸੰਸਾਰ ਨਿਜ਼ਾਮ (ਵਰਲਡ ਆਰਡਰ), ਜਿਹੜਾ ਕਿ ਉੱਤੇ ਸਿਰਜੇ ਬਸਤੀਵਾਦੀ ਢਾਂਚਿਆਂ ਦੇ ਪਦਾਰਥਵਾਦੀ ਦਾਬੇ ਅਤੇ ਆਧੁਨਿਕਤਾ (ਮੌਡਰੇਨਾਈਜੇਸ਼ਨ) ਦੀ ਭਾਖਾ (ਵਿਚਾਰਾਂ/ਕਦਰਾਂ-ਕੀਮਤਾਂ) ਉੱਤੇ ਅਧਾਰਤ ਹੈ, ਵਿੱਚ ਸਿੱਖ ਆਪਣੀ ਪ੍ਰਭੂਸੱਤਾ ਨੂੰ ਮੁੜ ਸਥਾਪਿਤ ਕਰਨ ਦਾ ਚੁਣੌਤੀ ਭਰਿਆ ਕਾਰਜ ਕਰਨ ਲਈ ਲਗਾਤਾਰ ਯਤਨ ਜਾਰੀ ਰੱਖੇ ਹਨ। ਸੰਸਾਰ ਦੇ ਵਿਆਪਕ ਹਿੱਸੇ ਨੂੰ ਲਪੇਟ ਵਿਚ ਲੈਣ ਵਾਲੇ ਬਸਤੀਵਾਦੀ ਅਮਲ ਨੇ ਲੋਕਾਈ ਦਾ ਅਣਮਨੁੱਖੀਕਰਨ (ਡੀਹਿਊਮੇਨਾਈਜੇਸ਼ਨ)/ਰਲੇਵਾਂਕਰਨ (ਅਸਿਮੀਲੇਸ਼ਨ), ਅਤੇ ਸ਼ੋਸ਼ਣ (ਐਕਸਪੋਲਾਈਟੇਸ਼ਨ) ਕਰਨ ਵਾਲੇ ਇਕ ਅਜਿਹੇ ਸੰਸਾਰ ਨਿਜ਼ਾਮ ਨੂੰ ਸਥਾਪਿਤ ਕੀਤਾ ਹੈ ਜਿਸ ਨੂੰ ਕਿ ‘ਸੱਭਿਅਕਕਰਨ’ (ਸਿਵਿਲਾਈਜੇਸ਼ਨ) ਅਤੇ ‘ਆਧੁਨਿਕਤਾ’ ਦਾ ਨਾਮ ਦਿੱਤਾ ਗਿਆ ਹੈ। ਇਹਨਾ ਸਾਮਰਾਜਵਾਦੀ ਵਧੀਕੀਆਂ ਦੇ ਪ੍ਰਤੀਕਰਮ ਵਿਚ ਸੰਸਾਰ ਭਰ ਵਿਚੋਂ ਬਸਤੀਵਾਦੀ ਗਲਬਾ ਝੱਲ ਰਹੇ ਲੋਕਾਂ ਨੇ ਆਪਣੇ ਸਵੈਮਾਣ ਤੇ ਸਵੈਨਿਰਣੈ ਦੇ ਹੱਕ ਵਾਸਤੇ ਬਸਤੀਵਾਦ ਵਿਰੋਧ ਜਾਨਦਾਰ ਜੱਦੋਜਹਿਦ ਕੀਤੀ–ਅਕਸਰ ਜਿਸ ਦਾ ਜ਼ਿਕਰ ਅਜ਼ਾਦੀ ਲਈ ਚਲੀਆਂ ਨੈਸ਼ਨਲ ਲਹਿਰਾਂ ਦੇ ਤੌਰ ’ਤੇ ਕੀਤਾ ਜਾਂਦਾ ਹੈ। ਪਰ ਅਜ਼ਾਦੀ ਦਾ ਨਿਸ਼ਾਨਾ ਹਾਸਿਲ ਕਰ ਕੇ ਹੋਂਦ ਵਿਚ ਆਏ ਨਵੇਂ ਰਾਜਾਂ (ਸਟੇਟਾਂ) ਨੂੰ ਲਗਾਤਾਰ ਦੋ ਮਸਲਿਆਂ ਨਾਲ ਜੂਝਣਾ ਪਿਆ ਹੈ:
- ਬੇਨਿਆਏ ਸੰਸਾਰ ਨਿਜ਼ਾਮ ਤਹਿਤ ਆਲਮੀ ਤਾਕਤਾਂ ਨੇ ਆਲਮੀ ਦੱਖਣ (ਗਲੋਬਲ ਸਾਊਥ) ਨੂੰ ਆਪਣੇ ਆਰਥਕ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦੁਬੇਲ ਬਣਾ ਕੇ ਰੱਖਿਆ ਹੋਇਆ ਹੈ।
- ਦਾਬੇ ਵਾਲੇ ਸਿਆਸੀ ਢਾਂਚਾ (ਭਾਵ ਕਿ ਆਧੁਨਿਕ ਨੇਸ਼ਨ-ਸਟੇਟ) ਭਿੰਨ ਪਛਾਣਾਂ ਵਾਲੇ ਲੋਕਾਂ ਨੂੰ ਇੱਕੋ ਇਕਹਿਰੀ ‘ਨੇਸ਼ਨ/ਕੌਮ’ ਵਿਚ ਜਜ਼ਬ ਕਰਨਾ ਲੋਚਦਾ ਹੈ ਤਾਂ ਕਿ ਸਟੇਟ ਉੱਤੇ ਚੁਣੌਤੀ ਰਹਿਤ ਦਾਬਾ ਅਤੇ ਗਲਬਾ ਯਕੀਨੀ ਬਣਾਇਆ ਜਾ ਸਕੇ।
ਖਾਲਿਸਤਾਨ ਲਈ ਸਿੱਖ ਸੰਘਰਸ਼ ਅਜਿਹੇ ਸਮੇਂ ਦੌਰਾਨ ਕੌਮਾਂਤਰੀ ਨਿਜ਼ਾਮ ਅਤੇ ਸਿਆਸੀ ਢਾਂਚੇ ਬਾਰੇ ਇਕ ਬਦਲਵੀਂ ਦ੍ਰਿਸ਼ਟੀ ਪੇਸ਼ ਕਰਦਿਆਂ ਇਕ ਅਜ਼ਾਦੀ ਸੰਗਰਾਮ ਵੱਜੋਂ ਉੱਭਰਿਆ। ਇਕ ਨਸਲੀ ਸਮੂਹ ਵੱਲੋਂ ਘਰੇਲੂ (ਡੋਮੈਸਟਿਕ) ਪੱਧਰ ’ਤੇ ਸਿਆਸੀ ਤਾਕਤ ਹਾਸਿਲ ਕਰਨ ਦੇ ਇਕ ਨੈਸ਼ਨਲ ਸੰਗਰਾਮ ਦੀ ਬਜਾਏ, ਖਾਲਿਸਤਾਨ ਦੀ ਸਿੱਖ ਦ੍ਰਿਸ਼ਟੀ ਦਾ ਮੂਲ ਸਰੋਤ ਅੱਜ ਦੇ ਸੰਸਾਰ ਵਿਚ ਬੇਗਮਪੁਰਾ-ਹਲੇਮੀ ਰਾਜ ਸਥਾਪਿਤ ਕਰਨ ਦੀ ਸਦੀਵੀ ਖਾਲਸਾਈ ਜੱਦੋਜਹਿਦ ਹੈ। ਇਹ ਦ੍ਰਿਸ਼ਟੀ ਸਿਰਫ ਸਿੱਖਾਂ ਲਈ ਇਕ ਆਧੁਨਿਕ ਨੇਸ਼ਨ-ਸਟੇਟ ਸਥਾਪਿਤ ਕਰਨ ਦਾ ਵਿਚਾਰ ਨਹੀਂ ਹੈ, ਬਲਕਿ ਨਿਆ, ਸਵੈ ਸਿਰਮੌਰਤਾ, ਅਤੇ ਸਵੈ-ਨਿਰਣੇ ਬਾਰੇ ਮੌਲਿਕ ਤੇ ਮੁਕੰਮਲ ਦ੍ਰਿਸ਼ਟੀ ਦਾ ਪ੍ਰਗਟਾਵਾ ਹੈ ਜਿਸ ਦੀ ਬੁਨਿਆਦ ‘ਸਰਬੱਤ ਦੇ ਭਲੇ’ ਅਤੇ ‘ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ’ ਦੇ ਖਾਲਸਾਈ ਆਦਰਸ਼ ਹਨ। ਜਿਵੇਂ ਕਿ ਗੁਰਮਤਿ ਅਤੇ ਸਿੱਖ ਰਾਜਨੀਤੀ-ਦਰਸ਼ਨ (ਪੁਲਿਟਿਕਲ ਥਿਊਰੀ) ਵਿਚ ਕੋਈ ਵੀ ‘ਬੇਗਾਨਾ’ ਜਾਂ ‘ਗੈਰ’ ਨਹੀਂ ਹੈ, ਇਸ ਲਈ ਇਹ ਕੋਈ ਬਾਕੀਆਂ ਨੂੰ ਬਾਹਰ ਧੱਕਣ ਵਾਲੀ ਸਿਆਸੀ ਲਹਿਰ ਨਹੀਂ ਹੈ ਬਲਕਿ ਗੁਰਮਤਿ ਕਦਰਾਂ-ਕੀਮਤਾਂ ਨਾਲ ਲਬਰੇਜ਼ ਸਮੂਹਿਕ ਅਜ਼ਾਦੀ ਸੰਗਰਾਮ ਹੈ। ਇਸ ਭਾਵ ਵਿਚ, ਖਾਲਿਸਤਾਨ ਦਾ ਸਿੱਖ ਸੰਗਰਾਮ ਇਕ ਨਵੇਕਲਾ ਸੰਗਰਾਮ ਹੈ ਜਿਹੜਾ ਕਿ ਆਧੁਨਿਕ ਨੈਸ਼ਨਲਿਜ਼ਮ ਦੀ ਹੀ ਇਕ ਵਨਗੀ ਬਣਨ ਦੀ ਬਜਾਏ ਸਿੱਖਾਂ ਦੇ ਆਪਣੇ ‘ਤਾਕਤ’ ਤੇ ‘ਸਿਆਸੀ ਸਮੂਹ’ (ਪੁਲਿਟਿਕਲ ਕਮਿਊਨਟੀ) ਦੇ ਸੰਕਲਪਾਂ ਉੱਤੇ ਅਧਾਰਤ ਸਿੱਖ ਪ੍ਰਭੂਸਤਾ ਸਥਾਪਿਤ ਕਰਨੀ ਲੋਚਦਾ ਹੈ।
ਸਾਡਾ ਸਿਆਸੀ ਨਿਸ਼ਾਨਾ ਗੁਰਮਤਿ ਆਦਰਸ਼ਾਂ ਉੱਤੇ ਅਧਾਰਤ ਅਜਿਹਾ ਪ੍ਰਭੁਸਤਾਸੰਪੰਨ ਸਿਆਸੀ ਢਾਂਚਾ ਅਤੇ ਆਲਮੀ ਨਿਜ਼ਾਮ ਸਥਾਪਿਤ ਕਰਨਾ ਹੈ ਜਿਹੜਾ ਖਾਲਸਾ ਜੀ ਦੇ ਪਾਤਿਸ਼ਾਹੀ ਦਾਅਵੇ ਦਾ ਸਨਮਾਨ ਕਰੇ ਅਤੇ ਇਸ ਵਿਆਪਕ ਖਿੱਤੇ ਤੇ ਸੰਸਾਰ ਵਿਚ ‘ਸਰਬੱਤ ਦੇ ਭਲੇ’ ਅਤੇ ‘ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ’ ਦੇ ਆਦਰਸ਼ਾਂ ਦਾ ਪਾਬੰਦ ਹੋਵੇ।
ਪਿਛਲੇ ਕਈ ਸਾਲਾਂ ਦੌਰਾਨ, ਆਲਮੀ ਤਾਕਤਾਂ ਕਈ ਅਜਿਹੀਆਂ ਚੁਣੌਤੀਆਂ ਅਤੇ ਟਕਰਾਵਾਂ ਦਾ ਸਾਹਮਣਾ ਕਰ ਰਹੀਆਂ ਹਨ ਜਿਹਨਾ ਨੇ ਇਕ ਵਾਰ ਮੁੜ ਸਿੱਖਾਂ ਦੇ ਸੰਗਰਾਮ ਨੂੰ ਸੰਸਾਰ ਦੇ ਸਾਹਮਣੇ ਲੈ ਆਂਦਾ ਹੈ। ਸਿਧਾਂਤਕ ਤਬਦੀਲੀ ਦੇ ਨਾਲ-ਨਾਲ, ਜਿੱਥੇ ਕਿ ਹੁਣ ਰਾਜਨੀਤਕ ਢਾਂਚਿਆਂ ਅਤੇ ਅਰਥਚਾਰੇ ਦੇ ਯੂਰਪ-ਕੇਂਦ੍ਰਿਤ ਸੰਕਲਪ ਆਲਮੀ ਸਿਆਸਤ ਦਾ ਵਾਹਿਦ ਧੁਰਾ ਨਹੀਂ ਰਹੇ, ਸੰਸਾਰ ਆਰਥਕ ਅਤੇ ਰਾਜਨੀਤਕ ਤਬਦੀਲੀਆਂ ਵਿਚੋਂ ਗੁਜ਼ਰ ਰਿਹਾ ਹੈ ਜਿਥੇ ਕਿ ਨਵੇਂ ਵਪਾਰਕ ਲਾਂਘੇ ਅਤੇ ਸਿਆਸੀ ਗਠਜੋੜ ਤਾਕਤ ਦੇ ਨਵੇਂ ਕੇਂਦਰ ਦੇ ਨਕਸ਼ ਉਭਾਰ ਰਹੇ ਹਨ। ਇਸ ਲਈ ਦੱਖਣੀ ਏਸ਼ੀਆ ਵਿਚ ਖਿਤਾ-ਰਾਜਨੀਤਕ ਮੁਕਾਬਲੇਬਾਜ਼ੀ ਅਤੇ ਟਕਰਾਅ ਦੇ ਖਦਸ਼ੇ ਵਧ ਰਹੇ ਹਨ। ਇਸ ਦੇ ਨਾਲ ਹੀ ਕਈ ਆਲਮੀ ਚੁਣੌਤੀਆਂ ਜਿਵੇਂ ਕਿ ਮਹਾਂਮਾਰੀਆਂ, ਬਨਾਉਟੀ ਸੂਝ (ਏ.ਆਈ), ਅਤੇ ਵਾਤਾਵਰਣਕ ਤਬਦੀਲੀ (ਕਲਾਈਮੇਟ ਚੇਂਜ) ਉਭਰ ਰਹੀਆਂ ਹਨ। ਇਸ ਦੇ ਨਤੀਜੇ ਵੱਜੋਂ ਸੰਸਾਰ ਦੀ ਖਿਤਾ-ਰਾਜਨੀਤੀ ਦੀ ਖਿੱਚ ਦਾ ਧੁਰਾ ਦੱਖਣੀ ਏਸ਼ੀਆ ਵੱਲ ਸਰਕ ਰਿਹਾ ਹੈ ਜਿੱਥੇ ਕਿ ਗੁਰੂ ਖਾਲਸਾ ਪੰਥ ਅਤੇ ਸਿੱਖ ਸੰਗਤ ਅਹਿਮ ਧਿਰ ਹਨ ਜਿਹੜੇ ਕਿ ਇਸ ਖਿੱਤੇ ਅਤੇ ਸੰਸਾਰ ਨਿਜ਼ਾਮ ਦੇ ਭਵਿੱਖ ਦੇ ਨਕਸ਼ ਉਭਾਰਨ ਵਿਚ ਯੋਗਦਾਨ ਪਾਉਣਗੇ।
ਇੰਡੀਆ ਵਿਚ ਹਿੰਦੂਤਵਾ ਫਾਸ਼ੀਵਾਦ ਦੀ ਚੱਲ ਰਹੀ ਢਾਂਚਾਗਤ ਉਸਾਰੀ ਨਾਲ ਆਉਣ ਵਾਲੇ ਸਾਲਾਂ ਵਿਚ ਇਸ ਖਿੱਤੇ ਵਿਚ ਤਣਾਅ ਅਤੇ ਟਕਰਾਅ ਵਧਣੇ ਤੈਅ ਹਨ। ਸੱਤਾ ਦੇ ਕੇਂਦਰੀਕਰਨ, ਸੱਭਿਆਚਾਰਕ ਰਲੇਵੇਂਕਰਨ (ਕਲਚਰਲ ਅਸਿਮੀਲੇਸ਼ਨ), ਅਤੇ ਸਮਾਜਿਕ ਧਰੁਵੀਕਰਨ (ਸੋਸ਼ਲ ਪੋਲੇਰਾਈਜੇਸ਼ਨ), ਇੰਡੀਆ ਨੂੰ ਨਸਲਕੁਸ਼ੀ ਦੀ ਇਕ ਨਵੀਂ ਤਰੰਗ ਵੱਲ ਲਗਾਤਾਰ ਧੱਕੀ ਜਾ ਰਿਹਾ ਹੈ। ਇਸ ਸਾਰੇ ਖੇਤਰ/ਉਪਮਹਾਂਦੀਪ ਵਿਚ ਵਿਲੱਖਣ ਪਛਾਣਾਂ ਵਾਲੇ ਭਾਈਚਾਰਿਆਂ ਲਈ ਪਰਤੱਖ ਖਤਰੇ ਦੇ ਨਾਲ-ਨਾਲ ਫਾਸ਼ੀਵਾਦ ਵੱਲ ਵਧ ਰਹੇ ਇਸ ਦੇ ਲਗਾਤਾਰ ਕਦਮ ਇੰਡੀਆ ਨੂੰ ਇਕ ਅਜਿਹੀ ਅਸਥਿਰ (ਵੋਲਾਟਾਈਲ) ਸਟੇਟ ਬਣਾਉਂਦਾ ਹੈ, ਜਿਹੜੀ ਕਿ ਸਮੁੱਚੇ ਰੂਪ ਵਿਚ ਇਕ ਗੈਰ-ਭਰੋਸੇਯੋਗ ਆਲਮੀ ਸਾਂਝੀਦਾਰ ਅਤੇ ਸਾਰੇ ਖਿੱਤੇ ਦੇ ਅਮਨ ਅਤੇ ਸੁਰੱਖਿਆ ਲਈ ਇਕ ਗੰਭੀਰ ਖਤਰਾ ਹੈ।
ਦੂਜੇ ਪਾਸੇ ਇਸ ਉਪਮਹਾਂਦੀਪ ਦੇ ਇਤਿਹਾਸ ਨੇ ਕਈ ਵਾਰ ਇਹ ਪਰਤੱਖ ਦਰਸਾਇਆ ਹੈ ਕਿ ਜ਼ਬਰ ਖਿਲਾਫ ਸਿੱਖਾਂ ਦਾ ਵਿਰੋਧ ਤੇ ਅਗਵਾਈ ਜ਼ਾਬਰ ਦਾ ਰਾਹ ਰੋਕਣ ਅਤੇ ਉਸ ਵਿਰੁਧ ਢਾਂਚਾਗਤ ਤਬਦੀਲੀਆਂ ਲਿਆਉਣ ਦੇ ਸਮਰੱਥ ਲਹਿਰ ਖੜ੍ਹੀ ਕਰਨ ਦੇ ਕਾਬਲੀਅਤ ਰੱਖਦੀ ਹੈ। 1975-77 ਦੇ ਹੰਗਾਮੀ ਦੌਰ (ਐਮਰਜੰਸੀ) ਅਤੇ 2020-21 ਦਾ ਕਿਰਸਾਨ ਮੋਰਚੇ ਦੌਰਾਨ ਸਿੱਖਾਂ ਵੱਲੋਂ ਨਿਭਾਈ ਭੂਮਿਕਾ ਇੰਡੀਅਨ ਤਾਨਾਸ਼ਾਹੀ ਦੇ ਹਮਲਾਵਰ ਰੁਖ ਨੂੰ ਰੋਕਣ ਦੀ ਸਿੱਖਾਂ ਦੀ ਕਾਬਲੀਅਤ ਅਤੇ ਸਮਰੱਥਾ ਦੀਆਂ ਹਾਲੀਆ ਇਤਿਹਾਸ ਵਿਚਲੀਆਂ ਹੀ ਦੋ ਮਿਸਾਲਾਂ ਹਨ।
ਅਜਾਦ ਅਤੇ ਪ੍ਰਭੂਸਤਾਸੰਪੰਨ ਖਾਲਿਸਤਾਨ ਦੀ ਸਥਾਪਤੀ ਇਸ ਸਾਰੇ ਖਿੱਤੇ ਵਿਚ ਵਿਲੱਖਣ ਪਛਾਣਾਂ ਨੂੰ ਬਰਤਾਨਵੀ ਬਸਤੀਵਾਦੀਆਂ ਵੱਲੋਂ ਥੋਪੇ ਗਏ ਪ੍ਰਬੰਧਕੀ ਢਾਂਚੇ ਵਿਚ ਨੂੜੀ ਰੱਖਣ ਦੀ ਬਜਾਏ ਉਹਨਾ ਦੇ ਸਨਮਾਨ ਅਤੇ ਸਵੈ-ਨਿਰਣੇ ਦੀ ਯਕੀਨਦਹਾਨੀ ਵਾਸਤੇ ਇਸ ਖੇਤਰ ਨੂੰ ਮੁੜ ਚਿਤਵਣ ਤੇ ਮੁੜ ਉਸਾਰਨ ਵੱਲ ਪਹਿਲਾ ਕਦਮ ਹੋਵੇਗਾ। ਇਸ ਸਾਰੇ ਖੇਤਰ ਵਿਚ ਹੇਠਲੇ ਪੱਧਰ ਤੱਕ ਤਾਕਤਾਂ ਲੋਕਾਂ ਨੂੰ ਸੌਂਪਣ (ਤਾਕਤ ਦਾ ਵਿਆਪਕ ਵਿਕੇਂਦਰੀਕਰਨ ਅਤੇ ਜਮਹੂਰੀਕਰਨ) ਦੇ ਅਮਲ ਨਾਲ ਇਸ ਖੇਤਰ ਵਿਚ ਸਮਾਜ ਦੇ ਸਭ ਤੋਂ ਬੁਨਿਆਦੀ ਪੱਧਰ (ਮੋਸਟ ਗਰਾਸ-ਰੂਟ ਲੈਵਲ) ਤੱਕ ਆਪਣੇ ਫੈਸਲੇ ਆਪ ਕਰਨ, ਭਾਵ ਸਵੈ-ਨਿਰਣੇ ਦਾ ਹੱਕ ਦੇਣ ਵਾਲੇ ਸਿਆਸੀ ਢਾਂਚਿਆਂ ਦੀ ਉਸਾਰੀ ਇੱਥੋਂ ਦੇ ਅਮਨ ਅਤੇ ਸਥਿਰਤਾ ਲਈ ਇਕ ਅਗਾਉਂ-ਜਰੂਰਤ ਹੈ। ਇਸੇ ਤਰ੍ਹਾਂ, ਵਿਕਾਸ ਦੀਆਂ ਪਹਿਲਕਦਮੀਆਂ ਅਤੇ ਵਪਾਰ ਦੀਆਂ ਤਰਜੀਹਾਂ ਕਿਰਤ ਦੇ ਸਨਮਾਨ ਅਤੇ ਸਾਂਝੀਵਾਲਤਾ ਵਾਲੇ ਸਮਾਜ ਅਤੇ ਟਿਕਾਊ ਤੇ ਹੰਡਣਸਾਰ ਵਾਤਾਵਰਣ ਦੀ ਲੋੜਾਂ ਅਨੁਸਾਰੀ ਹੋਣੀਆਂ ਜਰੂਰੀ ਹਨ।
ਖਾਲਿਸਤਾਨ ਆਤਮ-ਸਨਮਾਨ, ਨਿਆ, ਅਤੇ ਇਸ ਖਿਤੇ ਵਿਚ ਅਮਨ ਦਾ ਪ੍ਰਤੀਕ ਹੋਵੇਗਾ ਜਿਸ ਵਿਚ ਹਮਦਰਦੀ, ਖੇਤਰੀ ਸਹਿਯੋਗ, ਅਤੇ ਇਸ ਖਿੱਤੇ ਤੇ ਇਸ ਤੋਂ ਪਾਰ ਦੇ ਦਬਾਏ ਜਾ ਰਹੇ ਸਾਰੇ ਲੋਕਾਂ ਦੀ ਸਾਂਝੀ ਅਜ਼ਾਦੀ ਵਾਸਤੇ ਅਗਵਾਈ ਦੇਣ ਦੀ ਸਮਰੱਥਾ ਹੋਵੇਗੀ।
ਭਾਈ ਦਲਜੀਤ ਸਿੰਘ
੧੭ ਵਿਸਾਖ ੫੫੬ ਨਾਨਕਸ਼ਾਹੀ
(੨੯ ਅਪ੍ਰੈਲ ੨੦੨੪ ਈ.)