ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਂਝੇ ਤੇ ਪੰਥਕ ਪੱਧਰ ਉੱਤੇ ਸ਼ਹੀਦੀ ਸਮਾਗਮ ਕਰਵਾਏ ਜਾਣਗੇ: ਪੰਥ ਸੇਵਕ ਸ਼ਖ਼ਸੀਅਤਾਂ

ਚੰਡੀਗੜ੍ਹ : ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਪੰਜਾਬ ਵਿਚ ਮਹੀਨਾ ਵਾਰੀ ਸ਼ਹੀਦੀ ਸਮਾਗਮ ਕਰਕੇ ਮਨਾਉਣ ਦਾ ਅਹਿਮ ਐਲਾਨ ਕੀਤਾ ਹੈ। ਬੀਤੇ ਦਿਨੀਂ ਜਾਰੀ ਹੋਏ ਇਕ ਸਾਂਝੇ ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਕਿਹਾ ਕਿ ਸ਼ਹੀਦ ਖਾਲਸਾ ਪੰਥ ਦੀ ਆਨ, ਸ਼ਾਨ, ਮਾਣ, ਸਨਮਾਨ ਤੇ ਸਰਮਾਇਆ ਹਨ। ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਅਤੇ ਚੱਲਣ ਦੀ ਪ੍ਰੇਰਣਾ ਕਰਨਾ ਹਰ ਸਿੰਘ ਦਾ ਪੰਥਕ ਫਰਜ਼ ਹੈ।

ਉਹਨਾ ਕਿਹਾ ਕਿ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਪੰਥਕ ਪੱਧਰ ‘ਤੇ ਮਨਾਉਣ ਲਈ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਦੇ ਪਹਿਲਾਂ ਵਾਲੇ ਬਾਰਾਂ ਜਿਲ੍ਹਿਆਂ ਵਿੱਚੋਂ ਹਰ ਮਹੀਨੇ ਇਕ ਜਿਲ੍ਹੇ ਵਿੱਚ ਮਹੀਨਾਵਾਰੀ ਸਮਾਗਮ ਕਰਕੇ ਸਾਂਝੇ ਤੌਰ ’ਤੇ ਉਸ ਜਿਲ੍ਹੇ ਦੇ ਸਾਰੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਹਨਾ ਕਿਹਾ ਕਿ ਬਹੁਤ ਸਾਰੇ ਪਰਿਵਾਰ ਅਤੇ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਪਹਿਲਾਂ ਹੀ ਪ੍ਰਮੁੱਖ ਜੁਝਾਰੂਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ, ਜਿਹਨਾਂ ਵਿਚ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ। ਇਹ ਸ਼ਮੂਲੀਅਤ ਅਤੇ ਸਹਿਯੋਗ ਅਗਾਂਹ ਵੀ ਜਾਰੀ ਰਹੇਗਾ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਬੇਗਮਪੁਰਾ ਦੀ ਨਿਆਈ ਸਮਾਜ ਅਤੇ ਸਰਬੱਤ ਦੇ ਭਲੇ ਵਾਲੇ ਹਲੇਮੀ ਰਾਜ ਲਈ ਸ਼ਹੀਦ ਹੋਣ ਵਾਲਿਆਂ ਦਾ ਸਤਿਕਾਰ ਕਰਨਾ ਸਾਡਾ ਸਾਂਝਾ ਫਰਜ਼ ਹੈ। ਇਸ ਵਾਸਤੇ ਸਭਨਾ ਸ਼ਹੀਦਾਂ ਨਮਿਤ ਸ਼ਹੀਦੀ ਸਮਾਗਮ ਸਾਂਝੇ ਤੌਰ ਉਤੇ ਕਰਨ ਦਾ ਫੈਸਲਾ ਲਿਆ ਗਿਆ ਹੈ। ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਇਹ ਸ਼ਹੀਦੀ ਸਮਾਗਮ ਸਮੁੱਚੇ ਤੌਰ ਸੰਘਰਸ਼ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਇਹਨਾ ਸਮਾਗਮਾਂ ਵਿਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸ਼ਹੀਦਾਂ ਦੇ ਜੀਵਨ ਅਤੇ ਖਾਲਸਾ ਜੀ ਕੇ ਬੋਲਬਾਲੇ ਬਾਰੇ ਵਿਚਾਰਾਂ ਹੋਇਆ ਕਰਨਗੀਆਂ।

ਉਹਨਾ ਕਿਹਾ ਕਿ ਇਹ ਸਮਾਗਮ ਸੰਬੰਧਤ ਇਲਾਕੇ ਦੀ ਗੁਰ-ਸੰਗਤ ਅਤੇ ਸੰਘਰਸ਼ ਦੇ ਹਰਦਰਦਾਂ ਤੇ ਹਿਮਾਇਤੀਆਂ ਦੇ ਸਹਿਯੋਗ ਨਾਲ ਕੀਤੇ ਜਾਇਆ ਕਰਨਗੇ। ਸਮਾਗਮਾਂ ਦੇ ਵੇਰਵਿਆਂ ਬਾਰੇ ਉਹਨਾਂ ਕਿਹਾ ਕਿ ਇਸ ਉਦਮ ਤਹਿਤ ਹੋਣ ਵਾਲੇ ਸ਼ਹੀਦੀ ਸਮਾਗਮਾਂ ਬਾਰੇ ਜਾਣਕਾਰੀ ਸਮੇ-ਸਮੇ ਸਿਰ ਸਾਂਝੀ ਕੀਤੀ ਜਾਇਆ ਕਰੇਗੀ।