ਚੰਡੀਗੜ੍ਹ: ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਪੰਜਾਬ ਅਤੇ ਸਿੱਖ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਵਿਓਂਤੇ ਗਏ ਵੱਡੇ ਮਨੋਵਿਗਿਆਨਕ ਹਮਲੇ ਦੀ ਮਾਰ ਝੱਲ ਰਹੇ ਹਨ ਜਿਸ ਤਰੀਕੇ ਨਾਲ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ, ਉਹਨਾ ਵਿਰੁਧ ਬੇਬੁਨਿਆਦ ਮਾਮਲੇ ਦਰਜ਼ ਕੀਤੇ ਗਏ ਅਤੇ ਕਈਆਂ ਨੂੰ ਨੈਸ਼ਨਲ ਸਕਿਓਟਰੀ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜਿਆ ਗਿਆ ਉਹ ਸਭ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਤੇ ਇਕੱਲਿਆਂ ਨਿਖੇੜ ਕੇ ਨਿਸ਼ਾਨੇ ਉੱਤੇ ਲਿਆਉਣ ਲਈ ਕੀਤਾ ਗਿਆ ਹੈ।
ਇਹ ਸਭ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਨੇ ਮਿਲ ਕੇ ਕਿਰਸਾਨੀ ਸੰਘਰਸ਼ ਵਿਚ ਮੂਹਰੀ ਭੂਮਿਕਾ ਨਿਭਾਉਣ ਕਰਕੇ ਇੰਡੀਅਨ ਉਪਮਹਾਂਦੀਪ ਵਿੱਚ ਸਿੱਖਾਂ ਦੀ ਬਣੀ ਸਾਖ ਤੇ ਕਰੋਨਾਕਾਲ ਦੌਰਾਨ ਸਰਬੱਤ ਦੇ ਭਲੇ ਹਿਤ ਕੀਤੀ ਸੇਵਾ ਕਰਕੇ ਸੰਸਾਰ ਪੱਧਰ ਉੱਤੇ ਬਣੇ ਅਕਸ ਨੂੰ ਖਰਾਬ ਕਰਨ ਵਾਸਤੇ ਕੀਤਾ ਹੈ। ਇਹਨਾ ਸਰਕਾਰਾਂ ਨੇ ਇਸ ਦਮਨ-ਚੱਕਰ ਰਾਹੀਂ ਸਿੱਖਾਂ ਅਤੇ ਪੰਜਾਬ ਦੀ ਅਵਾਮ ਦੇ ਮਨਾਂ ਵਿਚ ਸਰਕਾਰੀ ਤੰਤਰ ਦਾ ਖੌਫ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ।
ਤੀਜਾ ਪੱਖ ਇਹ ਹੈ ਕਿ ਇਹ ਸਮਾਂ ਸਿੱਖਾਂ ਵਾਸਤੇ ਬਹੁਤ ਨਾਜੁਕ ਹੈ। ਇਸ ਮੌਕੇ ਸਰਕਾਰ ਸਿੱਖਾਂ ਦੀਆਂ ਪਵਿੱਤਰ ਤੇ ਅਜ਼ੀਮ ਹਸਤੀਆਂ ਤੇ ਸੰਕਲਪਾਂ- ਜਿਵੇਂ ਕਿ ਗੁਰੂ, ਸ਼ਹੀਦ ਅਤੇ ਇਤਿਹਾਸਕ ਵਰਤਾਰਿਆਂ ਨੂੰ ਧੁੰਦਲੇ ਕਰਨ ਦਾ ਯਤਨ ਕਰ ਰਹੀ ਹੈ। ਜਿਸ ਤਹਿਤ ਇਹਨਾਂ ਪਵਿੱਤਰ ਸੰਕਲਪਾਂ ਅਤੇ ਹਸਤੀਆਂ ਬਾਰੇ ਵਿਵਾਦ ਭੜਕਾਅ ਕੇ ਜਾਂ ਘਟਨਾਵਾਂ ਕਰਵਾ ਕੇ ਇਹਨਾਂ ਦੀ ਪਵਿੱਤਰਤਾ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ਼ਹੀਦ ਦੇ ਸੰਕਲਪ ਨੂੰ ਧੁੰਦਲਾ ਕਰਨ ਦੇ ਯਤਨ ਅਤੇ ਇਤਿਹਾਸਕ ਵਰਤਾਰਿਆਂ ਦੀ ਨਕਲ ਲਾਹੁਣ ਦੀਆਂ ਕੋਸ਼ਿਸ਼ਾਂ ਇਸੇ ਦਾ ਹਿੱਸਾ ਹਨ।
ਚੌਥਾ ਪੱਖ ਇਹ ਹੈ ਕਿ ਦਿੱਲੀ ਦਰਬਾਰ ਸਿੱਖਾਂ ਵਿਚ ਧੜੇਬੰਦੀ, ਬੇਵਿਸ਼ਵਾਸ਼ੀ ਅਤੇ ਆਪੋਧਾਪੀ ਨੂੰ ਵਧਾ ਰਿਹਾ ਹੈ। ਜਾਣੇ-ਅਣਜਾਣੇ ਵਿਚ ਕਈ ਸਿੱਖ ਵੀ ਇਹ ਸਭ ਦਾ ਹਿੱਸਾ ਬਣ ਰਹੇ ਹਨ। ਇਹੀ ਕਾਰਨ ਹੈ ਕਿ ਹਰ ਘਟਨਾਕ੍ਰਮ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ, ਸ਼ਹੀਦਾਂ ਅਤੇ ਇਤਿਹਾਸਕ ਵਰਤਾਰਿਆਂ ਬਾਰੇ ਜਿਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਚੈਨਲਾਂ ਸਮੇਤ ਸਾਡੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲਦੀ ਹੈ ਉਸ ਨਾਲ ਇਹਨਾ ਪਵਿੱਤਰ ਹਸਤੀਆਂ ਤੇ ਸੰਕਲਪਾਂ ਦੀ ਪਵਿੱਤਰਤਾ ਨੂੰ ਹੋਰ ਢਾਅ ਲੱਗਦੀ ਹੈ।
ਸਰਬੱਤ ਖਾਲਸਾ ਗੁਰੂ ਖਾਲਸਾ ਪੰਥ ਦੀ ਅਹਿਮ ਸੰਸਥਾ ਹੈ ਜਿਸ ਦਾ ਸਿਧਾਂਤ ਤੇ ਅਮਲ ਇਤਿਹਾਸ ਵਿਚ ਬਹੁਤ ਸਪਸ਼ਟ ਪਰਗਟ ਹੋਇਆ ਹੈ। ਸਰਬੱਤ ਖਾਲਸਾ ਗੁਰੂ ਖਾਲਸਾ ਪੰਥ ਦੀ ‘ਗੁਰੂ ਅਜ਼ਮਤ’ ਦਾ ਪ੍ਰਗਾਟਾਵਾ ਹੈ। ਸਰਬੱਤ ਖਾਲਸਾ ਸੰਸਥਾ ਅਤੇ ਗੁਰਮਤਾ ਅਮਲਦਾਰੀ ਦੀ ਸਿੱਖ ਮਨਾਂ ਵਿਚ ਮਾਨਤਾ ਬਰਕਰਾਰ ਹੈ ਪਰ ਮੌਜੂਦਾ ਸਮੇਂ ਸਰਬੱਤ ਖਾਲਸਾ ਸੱਦਣ ਵਾਸਤੇ ਨਿੱਜੀ ਤੇ ਸੰਗਤੀ ਰਹਿਣੀ ਵਿਚ ਪਰਪੱਕ, ਪੰਥਕ ਖੇਤਰ ਵਿਚ ਆਪਣੇ ਜੀਵਨ ਅਮਲ ਰਾਹੀਂ ਘਾਲ ਕਮਾਈ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਦਾ ਜਥਾ ਲੋੜੀਂਦਾ ਹੈ ਜੋ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ, ਸੰਸਥਾਵਾਂ, ਸੰਪਰਦਾਵਾਂ ਨੂੰ ਗੁਰਮਤਾ ਕਰਨ ਵਾਸਤੇ ਸੂਤਰਬਧ ਕਰ ਸਕੇ। ਬੀਤੇ ਦਾ ਤਜ਼ਰਬਾ ਦਰਸਾਉਂਦਾ ਹੈ ਕਿ ਲੋੜੀਂਦੇ ਠਰ੍ਹਮੇ ਤੇ ਨਿਸ਼ਕਾਮਤਾ ਨੂੰ ਅੱਖੋਂ ਪਰੋਖੇ ਕਰਕੇ ਕਾਹਲ ਵਿਚ ਤੇ ਵਕਤੀ ਮੁਫਾਦਾਂ ਹਿਤ ਅਪਣਾਏ ਅਮਲ ਸਾਰਥਕ ਨਹੀਂ ਹੁੰਦੇ ਬਲਕਿ ਉਹਨਾ ਨਾਲ ਪੰਥਕ ਪਰੰਪਰਾਵਾਂ ਤੇ ਸੰਸਥਾਵਾਂ ਨੂੰ ਵੀ ਢਾਅ ਲੱਗਦੀ ਹੈ। ਅਜਿਹੇ ਅਮਲ ਤੋਂ ਹਰ ਹੀਲੇ ਗੁਰੇਜ਼ ਕਰਨਾ ਚਾਹੀਦਾ ਹੈ।