ਵੋਟ ਰਾਜਨੀਤੀ ਦੇ ਧੜਿਆਂ ਦੀ ਆਪਸੀ ਖਿੱਚੋਤਾਣ ਦੀ ਥਾਂ ਪੰਥਕ ਰਾਜਨੀਤੀ ਦੀ ਮੁੜ-ਉਸਾਰੀ ਦੇ ਯਤਨ ਹੋਣਃ ਪੰਥ ਸੇਵਕ

ਸਾਂਝਾ ਬਿਆਨ

ਪੰਜਾਬ ਵਿਚਲੀ ਸਿੱਖ ਵੋਟ ਰਾਜਨੀਤੀ ਮੁਕੰਮਲ ਪੰਥਕ ਰਾਜਨੀਤੀ ਨਹੀਂ ਹੈ। ਪੰਥਕ ਰਾਜਨੀਤੀ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਉਸ ਦਾ ਇੱਕ ਹਿੱਸਾ ਹੈ। ਮੌਜੂਦਾ ਸਮੇਂ ਬਾਦਲ ਦਲ ਦੇ ਦੋ ਧੜਿਆਂ ਦੀ ਆਪਸੀ ਤਕਰਾਰ ਵੋਟ ਰਾਜਨੀਤੀ ਵਾਲੀ ਇਸ ਸਿੱਖ ਪਾਰਟੀ ਦੀ ਅੰਦਰੂਨੀ ਪਾਟੋਧਾੜ ਦਾ ਮਸਲਾ ਹੈ। ਸੌਦਾ ਸਾਧ ਦੀ ਮਾਫੀ, ਬੇਅਦਬੀ ਮਾਮਲਿਆਂ ਵਿਚ ਨਾਕਾਮੀ, ਦੋਸ਼ੀ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਾਉਣ ਦੇ ਮਸਲਿਆਂ ਵਿਚ ਦੋਵੇਂ ਧੜੇ ਹੀ ਸਮੂਹਿਕ ਜਿੰਮੇਵਾਰੀ ਦੇ ਸਿਧਾਂਤ ਅਨੁਸਾਰ ਦੋਸ਼ੀ ਹਨ। ਦੋ ਧੜਿਆਂ ਦੀ ਇਸ ਆਪਸੀ ਲੜਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਵਰੋਸਾਈ ਸੰਸਥਾ ਰਾਹੀਂ ਪੰਥਕ ਮਸਲਾ ਬਣਾਉਣ ਦਾ ਯਤਨ ਕਰਨਾ ਅਕਾਲ ਤਖਤ ਸਾਹਿਬ ਦੀ ਮੌਲਿਕ ਭੂਮਿਕਾ ਨੂੰ ਛੁਟਿਆਉਣ ਦੇ ਤੁੱਲ ਹੈ। ਤਖਤ ਸਾਹਿਬਾਨ ਦੇ ਮੌਜੂਦਾ ਸੇਵਾਦਾਰਾਂ ਦੀ ਨਿਯੁਕਤੀ ਤੇ ਅਮਲ, ਅਤੇ ਤਖਤ ਸਾਹਿਬਾਨ ਦਾ ਸਮੁੱਚਾ ਸੇਵਾ ਨਿਜਾਮ ਪੰਥਕ ਰਵਾਇਤ ਅਨੁਸਾਰੀ ਨਾ ਹੋਣ ਕਾਰਨ ਪੰਥ ਪ੍ਰਵਾਨਤ ਨਹੀਂ ਹੈ। ਅੱਜ ਦੇ ਸਮੇਂ ਪ੍ਰਮੁੱਖ ਜਰੂਰਤ ਵੋਟ ਰਾਜਨੀਤੀ ਵਾਲੀ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਨਜਿਠਣ ਉੱਤੇ ਸਾਰਾ ਜ਼ੋਰ ਲਗਾਉਣ ਦੀ ਬਜਾਏ ਸਮੁੱਚੀ ਪੰਥਕ ਰਾਜਨੀਤੀ ਦੀ ਮੁੜ ਉਸਾਰੀ ਦੇ ਯਤਨ ਕਰਨ ਦੀ ਹੈ। ਇਸ ਤਹਿਤ ਤਖਤ ਸਾਹਿਬ ਦਾ ਪੰਥਕ ਰਵਾਇਤ ਅਨੁਸਾਰੀ ਸੇਵਾ ਨਿਜਾਮ ਸਿਰਜਣਾ, ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦਾ ਨਿਜ਼ਾਮ ਸਿਰਜਣਾ, ਖਾਲਸਾ ਪੰਥ ਦੀ ਸੁਤੰਤਰਤਾ ਅਤੇ ਪਾਤਸ਼ਾਹੀ ਦਾਅਵੇ ਅਨੁਸਾਰੀ ਰਾਜ ਪ੍ਰਬੰਧ ਸਿਰਜਣ ਦੇ ਸੰਘਰਸ਼ ਦੀ ਭਵਿੱਖ ਦੀ ਵਿਉਂਤਬੰਦੀ ਅਤੇ ਮੌਜੂਦਾ ਦੂਜੇ ਸੰਸਾਰੀ ਨਿਜ਼ਾਮਾਂ ਅੰਦਰ ਸਿੱਖ ਵੋਟ ਰਾਜਨੀਤੀ ਦੀ ਮੁੜ ਉਸਾਰੀ ਦੀਆਂ ਲੀਹਾਂ ਤਹਿ ਕਰਨ ਦੀ ਜਰੂਰਤ ਹੈ। ਇਸ ਵਾਸਤੇ ਸੰਸਾਰ ਭਰ ਦੇ ਸੁਹਿਰਦ ਸਿੱਖ ਹਿੱਸਿਆਂ ਅਤੇ ਖਾਲਸਾ ਪੰਥ ਦੇ ਸੇਵਾਦਾਰਾਂ ਨੂੰ ਆਪਸੀ ਸੰਵਾਦ ਵਿਚ ਰਚਾਉਣਾ ਅਤੇ ਉੱਦਮ ਕਰਨਾ ਚਾਹੀਦਾ ਹੈ।

ਵੱਲੋਂਃ
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਮਨਜੀਤ ਸਿੰਘ ਫਗਵਾੜਾ

੨੪ ਸਾਵਣ ੫੫੬ (ਨਾਨਕਸ਼ਾਹੀ)
8 ਅਗਸਤ 2024 (ਈਸਵੀ)