ਅੰਮ੍ਰਿਤਸਰ: ਪੰਜਾਬ ‘ਚੋਂ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਸਿਖਾਂ ਨੂੰ ਤੁਰੰਤ ਪੰਜਾਬ ਲਿਆ ਕੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਹ ਗੱਲ ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਹੀ ਗਈ ਹੈ। ਜੁਝਾਰੂ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਹੁਣ ਜਦੋਂ ਨੈਸ਼ਨਲ ਸਕਿਉਰਟੀ ਐਕਟ ਤਹਿਤ ਬਣੇ ਸਲਾਹਕਾਰ ਬੋਰਡ ਵੱਲੋਂ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕਰ ਲਈ ਗਈ ਹੈ ਤਾਂ ਬੋਰਡ ਨੂੰ ਨਿਆਂ ਦੇ ਤਕਾਜ਼ੇ ਅਨੁਸਾਰ ਇਹਨਾਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਐਨ. ਐਸ. ਏ. ਸਲਾਹਕਾਰ ਬੋਰਡ ਨੇ ਦੋ ਦਿਨ ਪਹਿਲਾਂ ਪੰਜਾਬ ਵਿੱਚੋਂ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤੇ ਨੌਜਵਾਨਾਂ ਨਾਲ ਬੈਠਕ ਕੀਤੀ ਹੈ।
ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਦਿੱਲੀ ਦਰਬਾਰ ਅਤੇ ਪੰਜਾਬ ਦੇ ਸੂਬੇਦਾਰੀ ਨਿਜ਼ਾਮ ਨੇ ਗਿਣੇ-ਮਿੱਥੇ ਤਰੀਕੇ ਨਾਲ 18 ਮਾਰਚ ਨੂੰ ਗ੍ਰਿਫ਼ਤਾਰੀ ਘਟਨਾਕ੍ਰਮ ਸ਼ੁਰੂ ਕਰਕੇ ਜਿੱਥੇ ਸਿੱਖਾਂ ਨੂੰ ਮਨਘੜਤ ਦੋਸ਼ਾਂ ਵਿੱਚ ਕਾਲੇ ਕਨੂੰਨ ਐਨ. ਐਸ. ਏ. ਤਹਿਤ ਨਜ਼ਰਬੰਦ ਕੀਤਾ ਹੈ, ਓਥੇ ਰੋਕਾਂ, ਪੁਲਿਸ ਛਾਪਿਆਂ ਤੇ ਤਫਤੀਸ਼ਾਂ ਆਦਿ ਰਾਹੀਂ ਇਕ ਵਿਆਪਕ ਮਨੋਵਿਗਿਆਨਕ ਹਮਲਾ ਵੀ ਕੀਤਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਦੂਰ-ਦਰਾਜ਼ ਦੇ ਸੂਬੇ ਵਿੱਚ ਨਜ਼ਰਬੰਦ ਕਰਨਾ ਦਰਸਾਉਂਦਾ ਹੈ ਕਿ ਹਿੰਦ ਸਟੇਟ ਬਸਤੀਵਾਦੀ ਲੀਹਾਂ ‘ਤੇ ਚੱਲ ਰਹੀ ਹੈ। ਉਹਨਾਂ ਪੰਜਾਬ ਸਰਕਾਰ ਦੀ ਇਹ ਕਹਿੰਦਿਆਂ ਕਰੜੀ ਨਿਖੇਧੀ ਕੀਤੀ ਕਿ ਇਸ ਵੱਲੋਂ ਦਿੱਲੀ ਦਰਬਾਰ ਅੱਗੇ ਗੋਡੇ ਟੇਕ ਕੇ ਨਾ ਸਿਰਫ਼ ਸਿੱਖਾਂ ਉੱਤੇ ਜ਼ਬਰ ਹੀ ਕੀਤਾ ਗਿਆ ਹੈ, ਸਗੋਂ ਇਹ ਪੰਜਾਬ ਦੀਆਂ ਜੜ੍ਹਾ ਵੱਢਣ ਵਾਲੀ ਕੇਂਦਰ ਸਰਕਾਰ ਦੇ ਕੁਹਾੜੇ ਦਾ ਦਸਤਾ ਵੀ ਬਣੀ ਹੈ। ਉਹਨਾਂ ਕਿਹਾ ਸਿੱਖ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਐਨ ਐੱਸ ਏ ਲਾ ਕੇ ਪੰਜਾਬ ਤੋਂ ਦੂਰ ਰੱਖਣਾ ਮਨੁੱਖੀ ਹੱਕਾਂ ਦਾ ਘੋਰ ਉਲੰਘਣ ਹੈ।
ਉਹਨਾਂ ਕਿਹਾ ਗ੍ਰਿਫ਼ਤਾਰੀਆਂ ਦੇ ਇਸ ਘਟਨਾਕ੍ਰਮ ਦੌਰਾਨ ਦਿੱਲੀ ਦਰਬਾਰ ਪੱਖੀ ਖਬਰਖਾਨੇ ਵੱਲੋਂ ਸਿੱਖਾਂ ਵਿਰੁੱਧ ਮਿਥ ਕੇ ਕੀਤੇ ਗਏ ਭੰਡੀ-ਪ੍ਰਚਾਰ ਦਾ ਖੋਖਲਾਪਨ ਹੁਣ ਪੂਰੀ ਤਰ੍ਹਾਂ ਬੇਪਰਦ ਹੋ ਚੁੱਕਾ ਹੈ। ਇਸ ਵਾਸਤੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਪੰਜਾਬ ਲਿਆ ਕੇ ਰਿਹਾਅ ਕੀਤਾ ਜਾਵੇ। ਉਹਨਾਂ ਮਨੁੱਖੀ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੀਆਂ ਦੁਨੀਆ ਭਰ ਦੀਆਂ ਜਥੇਬੰਦੀਆਂ, ਸ਼ਖ਼ਸੀਅਤਾਂ ਅਤੇ ਨਿਆਂ ਪਸੰਦ ਲੋਕਾਂ ਨੂੰ ਕਿਹਾ ਕਿ ਉਹ ਕਾਲੇ ਕਨੂੰਨ ਤਹਿਤ ਕੀਤੀਆਂ ਇਹਨਾਂ ਨਜ਼ਰਬੰਦੀਆਂ ਦਾ ਸਖ਼ਤ ਵਿਰੋਧ ਕਰਨ।